ਹੁਸ਼ਿਆਰਪੁਰ, 30 ਨਵੰਬਰ- ਪੰਜਾਬ ਸਰਕਾਰ ਦੀਆਂ ਹਦਾਇਤਾਂ, ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਰਹਿ-ਨੁਮਾਈ, ਪ੍ਰੋ. ਐੱਚ.ਐੱਸ. ਬੈਂਸ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਪ੍ਰੋਫੈਸਰ ਪੰਜਾਬੀ ਗੁਰਦੀਪ ਕੁਮਾਰੀ ਦੀ ਅਗਵਾਈ ਹੇਠ ਸਰਵਾਨੰਦ ਗਿਰੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ-ਮਾਹ ਮਨਾਇਆ ਗਿਆ।ਇਸ ਸਮਾਗਮ ਵਿੱਚ ਮੁਖ ਬੁਲਾਰੇ ਦੇ ਤੌਰ ’ਤੇ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ ਅਤੇ ਜੀ ਆਇਆਂ ਸ਼ਬਦ ਡਾ. ਸਤੀਸ਼ ਕੁਮਾਰ ਨੇ ਆਖੇ। ਪਹਿਲੇ ਸੈਸ਼ਨ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਕਵਿਤਾ ਪਾਠ, ਸੁੰਦਰ ਲਿਖਾਈ, ਨਿਬੰਧ ਲੇਖਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਕਵਿਤਾ ਪਾਠ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਆਪਣੀਆਂ ਮੌਲਿਕ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਦੂਜੇ ਸੈਸ਼ਨ ਵਿੱਚ ਡਾ. ਜਸਵੰਤ ਰਾਏ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਬਾਰੇ ਸੰਵਾਦ ਰਚਾਉਂਦਿਆਂ ਕਿਹਾ ਕਿ ਨਾਥਾਂ, ਜੋਗੀਆਂ, ਸੂਫ਼ੀਆਂ, ਗੁਰੂਆਂ, ਰਿਸ਼ੀਆਂ-ਮੁਨੀਆਂ, ਕਿੱਸਾਕਾਰਾਂ ਅਤੇ ਵਿਦਵਾਨ ਲੇਖਕਾਂ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਅਮੀਰੀ ਬਖ਼ਸ਼ੀ ਹੈ। ਇਸ ਭਾਸ਼ਾ ਦੀ ਸੁਰ ਸਦਾ ਨਾਬਰੀ ਰਹੀ ਹੈ ਅਤੇ ਦੁਨੀਆ ਦੇ 160 ਮੁਲਕਾਂ ਵਿੱਚ ਫੈਲੀ ਪੰਜਾਬੀ ਬਹੁਤੇ ਦੇਸ਼ਾਂ ਦੇ ਰਾਜਾਂ ਵਿੱਚ ਤਾਂ ਦੂਜੀ ਜ਼ੁਬਾਨ ਬਣ ਚੁੱਕੀ ਹੈ। ‘ਮੇਰਾ ਦਾਗ਼ਿਸਤਾਨ’ ਕਿਤਾਬ ਵਿੱਚੋਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਦਾਗ਼ਿਸਤਾਨ ਦੇ ਲੋਕਾਂ ਵਾਂਗ ਆਪਣੀ ਮਾਨਸਿਕਤਾ ਅਜਿਹੀ ਬਣਾ ਲੈਣੀ ਚਾਹੀਦੀ ਹੈ ਕਿ ਸਾਨੂੰ ਪੰਜਾਬੀ ਬੋਲ ਕੇ, ਲਿਖ ਕੇ ਅਤੇ ਪੜ੍ਹ ਕੇ ਮਾਣ ਮਹਿਸੂਸ ਹੋਵੇ। ਜਿਹੜੇ ਲੋਕ ਆਪਣੀ ਭਾਸ਼ਾ ਅਤੇ ਵਿਰਸੇ ਤੋਂ ਮੂੰਹ ਮੋੜ ਲੈਂਦੇ ਹਨ, ਉਹ ਇਸ ਲਾਇਕ ਨਹੀਂ ਹੁੰਦੇ ਕਿ ਉਨ੍ਹਾਂ ਦਾ ਸਤਿਕਾਰ ਕੀਤਾ ਜਾਵੇ।
ਇਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਭਾਸ਼ਾ ਤੇ ਵਿਰਸੇ ਬਾਰੇ ਅਣਮੁੱਲੀ ਜਾਣਕਾਰੀ ਪ੍ਰਦਾਨ ਕਰਨ ਬਦਲੇ ਡਾ. ਜਸਵੰਤ ਰਾਏ ਦਾ ਸਮੂਹ ਅਧਿਆਪਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਡਾ. ਮੀਨਾ ਸ਼ਰਮਾ ਨੇ ਬੜੇ ਭਾਵਪੂਰਤ ਰੂਪ ਵਿੱਚ ਆਖੇ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਗੁਰਦੀਪ ਕੁਮਾਰੀ ਅਤੇ ਸਵਿਤਾ ਗਰੋਵਰ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਸ ਮੌਕੇ ਡਾ. ਬ੍ਰਿਜੇਸ਼ ਸ਼ਰਮਾ, ਡਾ. ਵਿਨੈ ਸ਼ਰਮਾ, ਡਾ. ਬਲਵਿੰਦਰ ਕੁਮਾਰ,ਡਾ. ਕਾਮਿਆ, ਡਾ. ਸੁਖਬੀਰ ਕੌਰ, ਸਤਵਿੰਦਰ ਸਿੰਘ, ਪਰਮਿੰਦਰ ਕੁਮਾਰ, ਡਾ. ਦੀਪ ਚੰਦ ਅਤੇ ਕੇਂਦਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।