ਡਾਇਰੈਕਟਰ ਡੇਅਰੀ ਵਿਕਾਸ ਵਿਭਾਗ,ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ, ਹੁਸ਼ਿਆਰਪੁਰ ਹਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਡੇਅਰੀ ਵਿਕਾਸ ਵਿਭਾਗ,ਹੁਸ਼ਿਆਰਪੁਰ ਵਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੱਚਿਆਂ ਅਤੇ ਸਟਾਫ ਵਲੋਂ ਲਿਆਂਦੇ ਗਏ ਦੁੱਧ ਦੇ 145 ਸੈਂਪਲ ਚੈਕ ਕੀਤੇ ਗਏ ਅਤੇ ਮੌਕੇ ’ਤੇ ਹੀ ਨਤੀਜੇ ਦਿੱਤੇ ਗਏ। ਇਸ ਕੈਂਪ ਵਿੱਚ ਬੱਚਿਆਂ ਨੂੰ ਦੁੱਧ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ਼ੁੱਧ ਦੁੱਧ ਪੀਣ ਲਈ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਨੂੰ ਦੱਸਿਆ ਗਿਆ ਕਿ ਦੁੱਧ ਇਕ ਸੰਪੂਰਨ ਭੋਜਨ ਹੈ, ਜਿਸ ਵਿਚ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਹੁੰਦੇ ਹਨ। ਇਹ ਹੱਡੀਆਂ ਦੀ ਮਜ਼ਬੂਤੀ ਅਤੇ ਦਿਮਾਗੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ, ਪਰੰਤੂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਮਿਲਾਵਟ ਅਤੇ ਹਾਨੀਕਾਰਕ ਤੱਤਾਂ ਤੋਂ ਰਹਿਤ ਹੋਵੇ। ਇਸੇ ਲਈ ਅਜਿਹੇ ਦੁੱਧ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਸਹੀ ਦੁੱਧ ਮੁਹੱਈਆ ਹੋ ਸਕੇ।
ਇਸ ਕੈਂਪ ਵਿੱਚ ਸ਼ਿਵਾਂਗ ਪ੍ਰਤਾਪ ਸਿੰਘ ਨੈਸਲੇ ਅਤੇ ਵੇਕਰਾ ਵਲੋਂ ਮੈਡਮ ਪੂਰਨਿਮਾ, ਮਨਵੀਰ ਪਾਲ ਅਤੇ ਧਰਮਜੀਤ ਨੇ ਭਾਗ ਲਿਆ। ਕੈਂਪ ਨੂੰ ਸਫ਼ਲ ਬਣਾਉਣ ਲਈ ਪ੍ਰਿੰਸੀਪਲ ਲਲਿਤਾ ਅਰੋੜਾ ਅਤੇ ਸਮੂਹ ਸਟਾਫ ਵਲੋਂ ਪੂਰਨ ਸਹਿਯੋਗ ਕੀਤਾ ਗਿਆ।